ਚੰਡੀਗੜ੍ਹ- ਲੋਕ ਭਵਨ, ਪੰਜਾਬ ਵਿਖੇ ਕੱਲ੍ਹ ਸ਼ਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ, ਜਿਨ੍ਹਾਂ ਨੇ ਧਰਮ, ਸਚਾਈ, ਵਿਸ਼ਵਾਸ ਅਤੇ ਨਿਆਂ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦਿਆਂ ਮਹਿਜ 9 ਅਤੇ 7 ਸਾਲ ਦੀ ਉਮਰ ਵਿੱਚ ਸਰਹਿੰਦ ਵਿਖੇ ਸ਼ਹਾਦਤ ਪ੍ਰਾਪਤ ਕੀਤੀ, ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇੱਕ ਸ਼ਬਦ ਕੀਰਤਨ ਕਰਵਾਇਆ ਗਿਆ।
ਇਹ ਪ੍ਰੋਗਰਾਮ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਕਰਵਾਇਆ ਗਿਆ ਅਤੇ ਇਸ ਮੌਕੇ ਸਮਾਜ ਦੇ ਸਾਰੇ ਵਰਗਾਂ ਦੀ ਸ਼ਰਧਾਪੂਰਵਕ ਭਾਗੀਦਾਰੀ ਵੇਖਣ ਨੂੰ ਮਿਲੀ।
ਇਸ ਸ਼ਬਦ ਕੀਰਤਨ ਸਦਕਾ ਸਿਰਜਿਆ ਇੱਕ ਅਧਿਆਤਮਿਕ ਭਰਪੂਰ ਮਾਹੌਲ ਸਾਨੂੰ ਛੋਟੀ ਉਮਰ ‘ਚ ਹੀ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਾਹਿਬਜ਼ਾਦਿਆਂ, ਜਿਨ੍ਹਾਂ ਨੇ ਘੋਰ ਅਤਿਆਚਾਰ ਦੇ ਬਾਵਜੂਦ ਆਪਣੇ ਸਿਧਾਂਤਾਂ ਨੂੰ ਤਿਆਗਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਦੀ ਅਸਾਧਾਰਨ ਹਿੰਮਤ, ਦ੍ਰਿੜ ਵਿਸ਼ਵਾਸ ਅਤੇ ਸਰਵਉੱਚ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਧਾਰਨ ਮਨੁੱਖ ਲਈ ਬੇਇਨਸਾਫ਼ੀ ਦੇ ਵਿਰੁੱਧ ਦ੍ਰਿੜਤਾ ਨਾਲ ਖੜ੍ਹੇ ਹੋਣ ਅਤੇ ਹਿੰਮਤ ਤੇ ਦ੍ਰਿੜਤਾ ਨਾਲ ਨੈਤਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਪ੍ਰੇਰਨਾ ਦਾ ਸਦੀਵੀ ਸਰੋਤ ਹੈ।
ਇਸ ਪ੍ਰੋਗਰਾਮ ਵਿੱਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਭਾਰਤ ਦੇ ਸਾਲਿਸਟਰ ਜਨਰਲ ਸ੍ਰੀ ਸੱਤਿਆ ਪਾਲ ਜੈਨ, ਚੰਡੀਗੜ੍ਹ ਦੀ ਮੇਅਰ ਸ੍ਰੀਮਤੀ ਹਰਪ੍ਰੀਤ ਕੌਰ ਬਬਲਾ, ਪੰਜਾਬ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, ਉੱਘੀਆਂ ਸਮਾਜਿਕ ਅਤੇ ਸਿਆਸੀ ਸ਼ਖਸੀਅਤਾਂ ਅਤੇ ਪੰਜਾਬ ਲੋਕ ਭਵਨ ਦੇ ਅਧਿਕਾਰੀ ਅਤੇ ਸਟਾਫ਼ ਸ਼ਾਮਲ ਹੋਏ।
ਇਸ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਕਟਾਰੀਆ ਨੇ ਸੰਗਤ ਨੂੰ ਲੰਗਰ ਵਰਤਾ ਕੇ ਸੇਵਾ ਵਿੱਚ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।